Tuesday, August 31, 2021

ਸੰਸਾਰ ਇੱਕ ਸਰਾਂ ਹੈ

ਕਿਹਾ ਜਾਂਦਾ ਹੈ ਕਿ ਇਹ ਸੰਸਾਰ ਇੱਕ ਸਰਾਂ ਦੀ ਤਰ੍ਹਾਂ ਹੈ - 
ਜਿਸ ਵਿਚ ਹਰ ਇੱਕ ਪਲ ਬਹੁਤ ਸਾਰੇ ਲੋਕ ਵਿਦਾ ਹੋ ਰਹੇ ਹਨ, ਅਤੇ ਬਹੁਤ ਸਾਰੇ ਨਵੇਂ ਆ ਰਹੇ ਹਨ।

ਜੇ ਅਸੀਂ ਇਸ ਬਾਰੇ ਗਹਿਰਾਈ ਨਾਲ ਵਿਚਾਰ ਕਰੀਏ - ਸੋਚੀਏ - ਤਾਂ ਮਨੁੱਖੀ ਮਨ ਵੀ ਇੱਕ ਸਰਾਂ ਦੇ ਵਰਗਾ ਹੀ ਹੈ।
ਮਨ ਦੇ ਵਿਚ ਵੀ ਹਰ ਇਕ ਪਲ ਤੇ ਕਿਸੇ ਨਵੇਂ ਵਿਚਾਰ ਦਾ ਆਗਮਨ ਹੁੰਦਾ ਰਹਿੰਦਾ ਹੈ।
ਹਰ ਇੱਕ ਪਲ - ਖੁਸ਼ੀ ਜਾਂ ਉਦਾਸੀ ਦੀ ਭਾਵਨਾ - ਦਿਆਲਤਾ ਜਾਂ ਕਰੂਰਤਾ - ਸੰਤੁਸ਼ਟੀ ਜਾਂ ਲਾਲਚ - ਜਾਂ ਇਹੋ ਜਿਹੀਆਂ ਹੋਰ ਅਸਥਾਈ ਭਾਵਨਾਵਾਂ ਮਨ ਦੇ ਅੰਦਰ ਅਚਾਨਕ ਹੀ ਕਿਸੇ ਬਿਨ ਬੁਲਾਏ ਮਹਿਮਾਨ ਦੀ 
ਤਰ੍ਹਾਂ ਉਭਰਦੀਆਂ ਰਹਿੰਦੀਆਂ ਹਨ।
ਪੁਰਾਣੇ ਵਿਚਾਰ ਅਤੇ ਭਾਵਨਾਵਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਨਵੇਂ ਵਿਚਾਰ ਤੇ ਭਾਵਨਾਵਾਂ ਉਹਨਾਂ ਦੀ ਥਾਂ ਲੈ ਲੈਂਦੀਆਂ ਹਨ।

ਵਿਚਾਰ ਅਤੇ ਭਾਵਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ - ਪਰ ਉਨ੍ਹਾਂ ਤੇ ਨਜ਼ਰ ਰੱਖੀ ਜਾ ਸਕਦੀ ਹੈ।

ਘਟਨਾਵਾਂ ਅਤੇ ਲੋਕਾਂ ਬਾਰੇ ਅਨੁਮਾਨ, ਨਿਰਣੇ ਅਤੇ ਫ਼ੈਸਲੇ ਲੈਨੇ - ਈਰਖਾ ਤੇ ਮੁਕਾਬਲੇ ਦੀ ਭਾਵਨਾ ਅਤੇ ਦੁੱਖ - ਅਚਨਚੇਤ ਹੀ ਇੱਕ ਲਾਪਰਵਾਹ ਮਨ ਵਿੱਚ ਦਾਖਲ ਹੋ ਕੇ ਇਸਦੀ ਸ਼ਾਂਤੀ ਨੂੰ ਭੰਗ ਕਰ ਸਕਦੇ ਹਨ।
ਇਸ ਲਈ, ਆਪਣੇ ਵਿਚਾਰਾਂ ਨੂੰ ਨਿਰੰਤਰ ਅਤੇ ਨਿਰਪੱਖਤਾ ਨਾਲ ਵੇਖਣਾ ਬਹੁਤ ਹੀ ਜ਼ਰੂਰੀ ਹੈ।

ਅਗਰ ਅਸੀਂ ਮਨ ਦੀ ਸ਼ਾਂਤੀ ਨੂੰ ਕਾਇਮ ਰਹਿਣਾ ਚਾਹੁੰਦੇ ਹਾਂ - 
ਤਾਂ ਇਸ ਤੋਂ ਪਹਿਲਾਂ ਕਿ ਨਕਾਰਾਤਮਕ ਵਿਚਾਰ ਸਾਡੇ ਮਨ ਦੇ ਅੰਦਰ ਇਕ ਲੰਮੇ ਸਮੇਂ ਤਕ ਸਥਾਈ ਘਰ ਬਣਾ ਕੇ ਬਹਿ ਜਾਣ - 
ਉਹਨਾਂ ਤੇ ਨਿਯੰਤਰਣ ਰੱਖਣਾ ਬਹੁਤ ਹੀ ਜ਼ਰੂਰੀ ਹੈ।
                                                ' ਰਾਜਨ ਸਚਦੇਵ '

1 comment:

Kashmir - Pahalgam - The Bleeding Paradise

Why do some people hate other religions so intensely that they do not even hesitate to kill? Why does hatred run so deep that it blinds them...