Wednesday, August 11, 2021

ਸਤਿਕਾਰਯੋਗ ਵੀ. ਡੀ. ਨਾਗਪਾਲ ਜੀ - ਸ਼ਰਧਾਂਜਲੀ ਅਤੇ ਯਾਦਗਾਰਾਂ

ਸ਼੍ਰੀਮਦ ਭਗਵਤ ਗੀਤਾ ਵਿੱਚ, ਭਗਵਾਨ ਕ੍ਰਿਸ਼ਨ ਕਹਿੰਦੇ ਹਨ:
                          ' ਜਾਤਸ੍ਯ ਹਿ ਧ੍ਰੁਵੋ ਮ੍ਰਤਯੂ '
ਭਾਵ ਜਿਸ ਨੇ ਜਨਮ ਲਿਆ ਹੈ, ਉਸਦੀ ਮੌਤ ਵੀ ਨਿਸ਼ਚਿਤ ਹੈ।

ਇਹ ਕੁਦਰਤ ਦਾ ਨਿਯਮ ਹੈ। ਜੋ ਵੀ ਸੰਸਾਰ ਵਿੱਚ ਆਉਂਦਾ ਹੈ ਉਹ ਇੱਕ ਦਿਨ ਸੰਸਾਰ ਤੋਂ ਚਲਾ ਜਾਏਗਾ।
ਪਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ - ਜੋ ਸਾਡੇ ਦਿਮਾਗ ਤੇ ਅਮਿੱਟ ਛਾਪ ਛੱਡ ਜਾਂਦੇ ਹਨ - ਇਹੋ ਜਿਹੀਆਂ ਖੂਬਸੂਰਤ ਯਾਦਾਂ ਪਿੱਛੇ ਛੱਡ ਜਾਂਦੇ ਹਨ, ਜਿਨ੍ਹਾਂ ਤੋਂ ਅਸੀਂ ਹਰ ਵਕਤ ਪ੍ਰੇਰਣਾ ਲੈ ਸਕਦੇ ਹਾਂ ।

ਅਜਿਹੀ ਇੱਕ ਮਹਾਨ ਸ਼ਖਸੀਅਤ ਸਨ, ਸਤਿਕਾਰਯੋਗ ਸ਼੍ਰੀ ਵੀਡੀ ਨਾਗਪਾਲ ਜੀ - ਜਿਨਾਂ ਨੇ ਮੇਰੀ ਜਵਾਨੀ ਵਿੱਚ ਮੇਰੇ ਵਿਚਾਰਾਂ ਨੂੰ ਸਹੀ ਦਿਸ਼ਾ ਅਤੇ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

ਸੰਨ 1969 ਵਿੱਚ ਸਰਕਾਰੀ ਮਹਿਲਾ ਕਾਲਜ, ਜਦੋਂ ਮੈਂ ਪਟਿਆਲਾ ਵਿੱਚ ਜੂਨੀਅਰ ਲੈਕਚਰਾਰ ਦੇ ਪਦ ਤੇ ਜਵਾਇਨ ਕੀਤਾ, ਤਾਂ ਉਸ ਸਮੇਂ ਸਤਿਕਾਰਯੋਗ ਨਾਗਪਾਲ ਜੀ ਪੰਜਾਬ ਬਿਜਲੀ ਬੋਰਡ ਵਿੱਚ ਬਤੌਰ ਜੇ. ਈ. ਸਨ । ਉਨ੍ਹੀਂ ਦਿਨੀਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਸੰਤ ਨਿਰੰਕਾਰੀ ਸਤਿਸੰਗ ਭਵਨ, ਪਟਿਆਲਾ ਵਿਖੇ ਮਿਲਿਆ।
ਪਿਤਾ ਜੀ (ਸੰਤ ਅਮਰ ਸਿੰਘ ਜੀ) ਨਾਗਪਾਲ ਜੀ ਦੇ ਬਹੁਤ ਨੇੜੇ ਸਨ ਅਤੇ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ ਅਤੇ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ ।

ਸ਼ਨੀਵਾਰ, ਐਤਵਾਰ ਅਤੇ ਛੁੱਟੀਆਂ ਦੇ ਦੌਰਾਨ, ਮੈਨੂੰ ਪਿਤਾ ਜੀ ਦੇ ਪ੍ਰਚਾਰ ਦੌਰੇ ਤੇ ਉਨ੍ਹਾਂ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਵਿਸਾਖੀ ਰਾਮ ਪਾਗਲ ਜੀ (ਅਮਰ ਜੀ), ਸੁਸ਼ੀਲ ਕੁਮਾਰ ਸੇਵਕ ਜੀ ਅਤੇ ਭੈਣ ਆਸ਼ਾ ਜੀ ਹਮੇਸ਼ਾ ਹੀ ਨਾਲ ਹੁੰਦੇ ਅਤੇ ਸਮੇਂ ਦੇ ਅਨੁਸਾਰ, ਬਹੁਤ ਸਾਰੇ ਪ੍ਰਚਾਰ ਦੌਰਿਆਂ ਵਿੱਚ ਸਤਿਕਾਰਯੋਗ ਨਾਗਪਾਲ ਜੀ ਵੀ ਨਾਲ ਹੁੰਦੇ ਸਨ ।
ਇੱਕ ਸੰਗਤ ਤੋਂ ਦੂਜੀ ਜਗ੍ਹਾ ਸਤਿਸੰਗ ਲਈ ਜਾਣ ਵਾਲੀ ਸਟੇਸ਼ਨ ਵੈਗਨ ਵਿੱਚ ਯਾਤਰਾ ਕਰਦੇ ਸਮੇਂ, ਪਿਤਾ ਜੀ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਂਦੇ ਸਨ ਅਤੇ ਅਕਸਰ ਸਾਨੂੰ ਡੂੰਘੀ ਅਧਿਆਤਮਕ ਸਿੱਖਿਆ ਦਿੰਦੇ ਰਹਿੰਦੇ ।
ਸੰਗਤ ਤੋਂ ਬਾਅਦ, ਜਾਂ ਜਦੋਂ ਵੀ ਸਾਡੇ ਕੋਲ ਸਮਾਂ ਹੁੰਦਾ, ਅਸੀਂ ਉਨ੍ਹਾਂ ਦੀ ਗੱਲ 'ਤੇ ਚਰਚਾ ਕਰਦੇ - ਆਪਣੇ ਵਿਚਾਰ ਅਤੇ ਅਨੁਭਵ ਵੀ ਇੱਕ ਦੂਜੇ ਨਾਲ ਸਾਂਝੇ ਕਰਦੇ । ਹੌਲੀ ਹੌਲੀ ਮੈਂ ਨਾਗਪਾਲ ਜੀ ਨਾਲ ਬਹੁਤ ਲਗਾਵ ਹੋ ਗਿਆ। ਹਾਲਾਂਕਿ ਸਾਡੇ ਵਿੱਚ ਉਮਰ ਦਾ ਬਹੁਤ ਅੰਤਰ ਸੀ - ਉਹ ਮੇਰੇ ਨਾਲੋਂ ਬਹੁਤ ਵੱਡੇ ਸੀ ਪਰ ਫਿਰ ਵੀ ਸਾਡੇ ਵਿਚਕਾਰ ਇੱਕ ਦੋਸਤਾਨਾ ਰਿਸ਼ਤਾ ਕਾਇਮ ਹੋ ਗਿਆ - ਅਸੀਂ ਚੰਗੇ ਦੋਸਤ ਵੀ ਬਣ ਗਏ ਪਰ ਫਿਰ ਵੀ ਮੇਰੇ ਦਿਲ ਵਿੱਚ ਉਨਾਂ ਲਈ ਹਮੇਸ਼ਾ ਆਦਰ ਅਤੇ ਸਤਿਕਾਰ ਰਿਹਾ । ਮੈਂ ਇੱਕ ਵੱਡੇ ਭਰਾ ਵਾਂਗ ਉਨ੍ਹਾਂ ਦੀ ਇੱਜ਼ਤ ਕਰਦਾ ਸੀ - ਅਤੇ ਉਨ੍ਹਾਂ ਨੇ ਹਮੇਸ਼ਾਂ ਮੈਨੂੰ ਇੱਕ ਛੋਟੇ ਭਰਾ ਵਾਂਗ ਪਿਆਰ ਕੀਤਾ ਅਤੇ ਜੀਵਨ ਦੇ ਹਰ ਮੋੜ ਤੇ ਮੇਰੀ ਅਗਵਾਈ ਕੀਤੀ ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਇੱਕ ਛੋਟੀ ਜਿਹੀ ਘਟਨਾ ਵੀ ਸਾਡੇ ਜੀਵਨ ਤੇ ਡੂੰਘਾ ਪ੍ਰਭਾਵ ਛੱਡ ਜਾਂਦੀ ਹੈ ।
ਅਜਿਹੀ ਹੀ ਇੱਕ ਨਾ ਭੁੱਲਣ ਵਾਲੀ ਘਟਨਾ ਉਨ੍ਹਾਂ ਦਿਨਾਂ ਵਿੱਚ ਮੇਰੇ ਨਾਲ ਹੋਈ - ਜਿਸ ਨੇ ਨਾ ਸਿਰਫ ਮੇਰਾ ਵਿਸ਼ਵਾਸ ਮਜ਼ਬੂਤ ਕੀਤਾ ਬਲਕਿ ਮੇਰੀ ਸੋਚ ਨੂੰ ਵੀ ਹਮੇਸ਼ਾ ਲਈ ਬਦਲ ਦਿੱਤਾ । ਮੈਂ ਇਸ ਘਟਨਾ ਦਾ ਜ਼ਿਕਰ ਕਈ ਵਾਰ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਅਤੇ ਸੰਗਤਾਂ ਵਿੱਚ ਵੀ ਕੀਤਾ ਹੈ ।

ਇੱਕ ਵਾਰ, ਇੱਕ ਛੋਟੀ ਜਿਹੀ ਗੱਲ ਤੇ, ਪਿਤਾ ਜੀ ਨੇ ਮੈਨੂੰ ਸਾਰਿਆਂ ਦੇ ਸਾਹਮਣੇ ਝਿੜਕਿਆ ਅਤੇ ਗੁੱਸੇ ਵਿੱਚ ਬਹੁਤ ਕੁਝ ਕਹਿ ਦਿੱਤਾ।
ਮੈਨੂੰ ਬੁਰਾ ਲੱਗਾ। ਮੈਂ ਅਪਮਾਨਿਤ ਮਹਿਸੂਸ ਕੀਤਾ।

ਹਾਲਾਂਕਿ ਮੈਂ ਹਰ ਸਵੇਰ ਅਤੇ ਸ਼ਾਮ ਨੂੰ ਸੰਗਤ ਵਿੱਚ ਜਾਂਦਾ ਰਿਹਾ, ਪਰ ਸੰਗਤ ਦੇ ਅੰਤ ਤੇ, ਮੈਂ ਓਥੋਂ ਤੁਰੰਤ ਨਿਕਲ ਜਾਂਦਾ ਅਤੇ ਸੰਗਤ ਦੇ ਸਮੇਂ ਨੂੰ ਛੱਡ ਕੇ, ਭਵਨ ਵਿੱਚ ਵੀ ਜਾਣਾ ਬੰਦ ਕਰ ਦਿੱਤਾ। ਇੱਥੋਂ ਤਕ ਕਿ ਜਦੋਂ ਵੀ ਪਿਤਾ ਜੀ ਨੇ ਮੈਨੂੰ ਪ੍ਰਚਾਰ ਦੇ ਟੂਰ ਤੇ ਨਾਲ ਆਉਣ ਲਈ ਕਿਹਾ, ਮੈਂ ਵਿਅਸਤ ਹੋਣ ਦਾ ਬਹਾਨਾ ਕਰਕੇ ਟੂਰ ਤੇ ਜਾਣ ਤੋਂ ਮਨਾ ਕਰ ਦਿੱਤਾ। ਉਹ ਸਮਝ ਗਏ ਅਤੇ ਇੱਕ ਸ਼ਾਮ ਜਦੋਂ ਨਾਗਪਾਲ ਜੀ ਭਵਨ ਵਿੱਚ ਆਏ ਤਾਂ ਪਿਤਾ ਜੀ ਨੇ ਉਨਾਂ ਨੂੰ ਕਿਹਾ - ਲਗਦਾ ਹੈ ਕਿ ਰਾਜਨ ਮੇਰੇ ਨਾਲ ਨਾਰਾਜ਼ ਹੈ। ਉਹ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ ਅਤੇ ਤੁਹਾਨੂੰ ਵੱਡੇ ਭਰਾ ਦੀ ਤਰਾਂ ਮੰਨਦਾ ਹੈ  - ਇਸ ਲਈ ਤੁਸੀਂ ਉਸ ਨਾਲ ਗੱਲ ਕਰੋ।

ਨਾਗਪਾਲ ਜੀ ਮੇਰੇ ਨਿਵਾਸ ਤੇ ਆਏ। ਉਨ੍ਹਾਂ ਦਿਨਾਂ ਵਿੱਚ, ਮੈਂ ਦੇਸੀ ਮਹਿਮਾਣਦਾਰੀ ਵਿੱਚ ਡਾ. ਦਲੀਪ ਸਿੰਘ ਦੇ ਘਰ ਕਿਰਾਏ ਦੇ ਇਕ ਕਮਰੇ ਵਿੱਚ ਰਹਿੰਦਾ ਸੀ। ਕਿਉਂਕਿ ਸਾਡਾ ਰਿਸ਼ਤਾ ਦੋਸਤਾਨਾ ਵੀ ਸੀ, ਇਸ ਲਈ ਮੈਂ ਨਾਗਪਾਲ ਜੀ ਨਾਲ ਖੁੱਲ੍ਹ ਕੇ ਗੱਲਾਂ ਕੀਤੀ ਅਤੇ ਕਿਹਾ ਕਿ ਪਿਤਾ ਜੀ ਨੇ ਇਸ ਤਰ੍ਹਾਂ ਕਿਹਾ - ਪਿਤਾ ਜੀ ਨੇ ਓਸ ਤਰ੍ਹਾਂ ਕਿਹਾ - ਪਿਤਾ ਜੀ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ-- - -
ਉਹ ਇਕਦਮ ਮੇਰੀ ਗੱਲ ਨੂੰ ਕੱਟ ਕੇ ਕਹਿਣ ਲੱਗੇ ਕਿ ਜੇ ਤੁਸੀਂ ਇਹ ਕਹੋ ਕਿ ਅਮਰ ਸਿੰਘ ਜੀ ਨੇ ਇਹ ਕਿਹਾ ਹੈ ਅਤੇ ਉਹ ਕਿਹਾ ਹੈ - ਫਿਰ ਤਾਂ ਠੀਕ ਹੈ - ਪਰ ਇੱਕ ਪਾਸੇ ਤੁਸੀਂ ਉਨ੍ਹਾਂ ਨੂੰ ਪਿਤਾ ਜੀ ਕਹਿ ਰਹੇ ਹੋ ਅਤੇ ਫਿਰ ਤੁਸੀਂ ਇਸ ਤਰ੍ਹਾਂ ਸ਼ਿਕਾਇਤਾਂ ਵੀ ਕਰ ਰਹੇ ਹੋ?

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਪਿਤਾ ਤੋਂ ਇਲਾਵਾ ਕਿਸੇ ਹੋਰ ਨੂੰ ਪਿਤਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਸਨਮਾਨ ਦੇ ਰਹੇ ਹੋ।
ਜਾਂ ਤਾਂ ਉਨ੍ਹਾਂ ਨੂੰ ਪਿਤਾ ਨਾ ਕਹੋ ਅਤੇ ਜੇ ਪਿਤਾ ਮੰਨਦੇ ਹੋ ਤਾਂ ਜ਼ਰਾ ਸੋਚੋ - ਕੀ ਪਿਤਾ ਦੇ ਝਿੜਕਣ ਤੇ ਪਿਤਾ ਨੂੰ ਛੱਡ ਦਿੱਤਾ ਜਾਂਦਾ ਹੈ?
ਇਸੇ ਲਈ ਮੇਰੇ ਵੀਰ - ਮੇਰੇ ਦੋਸਤ - ਜਾਂ ਤਾਂ ਉਨ੍ਹਾਂ ਨੂੰ ਭਾਈ ਅਮਰ ਸਿੰਘ ਜੀ ਕਹਿ ਕੇ ਸੰਬੋਧਨ ਕਰੋ - ਪਿਤਾ ਜੀ ਨਹੀਂ।
ਅਤੇ ਜੇ ਤੁਸੀਂ ਸੱਚਮੁੱਚ ਉਨ੍ਹਾਂ ਦੀ ਪਿਤਾ ਦੇ ਰੂਪ ਵਿੱਚ ਇੱਜ਼ਤ ਕਰਦੇ ਹੋ, ਤਾਂ ਇਸਨੂੰ ਆਪਣੇ ਕਰਮਾਂ ਦੁਆਰਾ ਜ਼ਾਹਰ ਕਰੋ - ਕਿਉਂਕਿ ਕੀਮਤ ਸ਼ਬਦਾਂ ਦੀ ਨਹੀਂ, ਕਰਮਾਂ ਦੀ ਹੁੰਦੀ ਹੈ।

ਇਹ ਸੁਣ ਕੇ, ਮੈਂ ਅਵਾਕ ਰਹਿ ਗਿਆ ਅਤੇ ਉਸੇ ਸਮੇਂ ਪਿਤਾ ਜੀ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੇ ਨਾਲ ਭਵਨ ਵਿੱਚ ਚਲਾ ਗਿਆ।
ਇਹ ਮੇਰੇ ਜੀਵਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਸੀ ਜਿਸਨੇ ਮੈਨੂੰ ਇੱਕ ਛੋਟੀ ਜਿਹੀ ਗੱਲ ਲਈ ਇੱਕ ਮਹਾਨ ਸੰਤ ਅਮਰ ਸਿੰਘ ਜੀ ਤੋਂ ਦੂਰ ਹੋਣ ਤੋਂ ਬਚਾ ਲਿਆ - ਇੱਕ ਐਸਾ ਸੰਤ ਜਿਸਦੀ ਮੁਲਾਕਾਤ ਕਿਸੇ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮਤ ਦੀ ਗੱਲ ਸੀ।

----------------------------------------------------

ਨਾਗਪਾਲ ਜੀ ਪਟਿਆਲਾ ਤੋਂ 10-12 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਕਸਬੇ ਨੰਦਪੁਰ ਕੇਸ਼ੋ ਵਿੱਚ ਪਰਿਵਾਰ ਸਹਿਤ ਰਹਿੰਦੇ ਸੀ। ਮੈਂ ਕਈ ਵਾਰ ਉਨ੍ਹਾਂ ਨੂੰ ਮਿਲਣ ਲਈ ਉੱਥੇ ਜਾਇਆ ਕਰਦਾ ਸੀ।  ਮੈਂ ਉਨ੍ਹਾਂ ਦੀ ਪਤਨੀ ਨੂੰ ਆਪਣੀ ਵੱਡੀ ਭੈਣ ਮੰਨਦਾ ਸੀ ਅਤੇ ਉਹ ਮੈਨੂੰ ਰੱਖੜੀ ਬੰਨ੍ਹਦੀ ਸੀ।
ਨੰਦਪੁਰ ਕੇਸ਼ੋ ਵਿੱਚ ਹੀ ਨਾਗਪਾਲ ਜੀ ਦੇ ਪਿਤਾ ਨਾਲ ਵੀ ਮਿਲਣਾ ਹੋਇਆ।
ਇੱਕ ਵਾਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਵਿਸ਼ਨ ਬਚਪਨ ਤੋਂ ਹੀ ਨਿਮਰ ਅਤੇ ਸੰਤ ਸੁਭਾਅ ਦਾ ਸੀ।
ਮੈਂ ਪੁੱਛਿਆ ਵਿਸ਼ਨ ਕੌਣ?
ਉਹ ਹੱਸ ਪਏ।
ਉਨ੍ਹਾਂ ਦੇ ਦੱਸਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ  ਉਨ੍ਹਾਂ ਦਾ ਨਾਮ ਵਿਸ਼ਨ ਦਾਸ ਸੀ - ਕਿਉਂਕਿ ਅਸੀਂ ਸਾਰੇ ਉਨ੍ਹਾਂ ਨੂੰ ਹਮੇਸ਼ਾ ਨਾਗਪਾਲ ਜੀ ਦੇ ਨਾਮ ਨਾਲ ਹੀ ਜਾਣਦੇ ਸੀ।
----------------------------------------------------

ਸੰਨ 1971 ਵਿੱਚ ਮੈਂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਦੇ ਆਦੇਸ਼ ਤੇ ਕਾਲਜ ਦੀ ਸਰਵਿਸ ਛੱਡ ਕੇ ਜੰਮੂ ਚਲਾ ਗਿਆ। 
ਇਧਰ ਨਾਗਪਾਲ ਜੀ ਦੀ ਬਦਲੀ ਮੁਕਤਸਰ ਵਿੱਚ ਹੋ ਗਈ ਅਤੇ ਬਾਬਾ ਗੁਰਬਚਨ ਸਿੰਘ ਜੀ ਨੇ ਉਨ੍ਹਾਂ ਨੂੰ ਉੱਥੇ ਨਵੇਂ ਬਣੇ ਭਵਨ ਵਿੱਚ ਰਹਿਣ ਦਾ ਆਦੇਸ਼ ਦਿੱਤਾ।
ਉਨ੍ਹਾਂ ਨੇ ਗੁਰੂ ਦਾ ਆਦੇਸ਼ ਤਾਂ ਮੱਨਿਆ ਪਰ ਜਿੰਨਾ ਚਿਰ ਉਹ ਉਥੇ ਰਹੇ - ਮਾਸਿਕ ਕਿਰਾਇਆ ਦਿੰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਹ ਕਿਤੇ ਹੋਰ ਕਿਰਾਏ ਤੇ ਰਹਿੰਦੇ, ਤਾਂ ਉੱਥੇ ਵੀ ਕਿਰਾਇਆ ਦੇਣਾ ਪੈਂਦਾ।
ਇਥੋਂ ਤਕ ਕਿ ਉਨ੍ਹਾਂ ਨੇ ਭਵਨ ਦੇ ਰਿਹਾਇਸ਼ੀ ਹਿੱਸੇ (portion) ਦੀਆਂ ਬਿਜਲੀ ਦੀਆਂ ਤਾਰਾਂ ਨੂੰ ਭਵਨ ਦੇ ਬਾਕੀ ਹਿੱਸੇ ਤੋਂ ਵੀ ਵੱਖ ਕਰਵਾ ਦਿੱਤਾ ਅਤੇ ਆਪਣੇ ਹਿੱਸੇ ਦੀ ਬਿਜਲੀ ਦਾ ਬਿੱਲ ਖੁਦ ਅਦਾ ਕਰਦੇ ਰਹੇ।

ਪੰਜਾਬ ਦੇ ਪ੍ਰਚਾਰ ਟੂਰ ਦੌਰਾਨ ਮੈਨੂੰ ਅਕਸਰ ਮੁਕਤਸਰ ਜਾਣ ਅਤੇ ਨਾਗਪਾਲ ਜੀ ਦੇ ਚਰਨਾਂ ਵਿੱਚ ਰਹਿਣ ਦਾ ਸ਼ੁਭ ਮੌਕਾ ਮਿਲਿਆ। ਉਨ੍ਹੀਂ ਦਿਨੀਂ ਮਹਾਤਮਾ ਸੁਰਜੀਤ ਸਿੰਘ ਜੀ ਵਿਰਕ ਵੀ ਮੁਕਤਸਰ ਵਿੱਚ ਰਹਿੰਦੇ ਸਨ, ਇਸ ਲਈ ਉਨ੍ਹਾਂ ਨਾਲ ਵੀ ਸਮਾਂ ਬਿਤਾਊਣ ਦਾ ਮੌਕਾ ਮਿਲਿਆ।
ਇੱਕ ਵਾਰ ਗੱਲਾਂ ਹੀ ਗੱਲਾਂ ਵਿੱਚ, ਮੈਂ ਨਾਗਪਾਲ ਜੀ ਦੇ ਭਵਨ ਵਿੱਚ ਰਹਿਣ ਦਾ ਕਿਰਾਇਆ ਦੇਣ ਅਤੇ ਬਿਜਲੀ ਦੇ ਬਿੱਲਾਂ ਆਦਿ ਦਾ ਭੁਗਤਾਨ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਤਾਂ ਓਹ ਕਹਿਣ ਲੱਗੇ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ - ਮੈਂ ਤਾਂ ਸਿਰਫ ਪਿਤਾ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰ ਰਿਹਾ ਹਾਂ।

ਦ੍ਰਿੜ ਵਿਸ਼ਵਾਸ ਦੇ ਨਾਲ ਨਾਲ ਇਮਾਨਦਾਰੀ, ਵਫਾਦਾਰੀ ਅਤੇ ਆਪਣੇ ਸਿਧਾਂਤਾਂ ਦੀ ਦ੍ਰਿੜਤਾ ਅਤੇ ਲਗਨ ਨਾਲ ਪਾਲਣਾ ਕਰਨਾ - ਇਹ ਕੁਝ ਅਜਿਹੀਆਂ ਅਨਮੋਲ ਸਿੱਖਿਆਵਾਂ ਸਨ ਜੋ ਪਿਤਾ ਸੰਤ ਅਮਰ ਸਿੰਘ ਜੀ ਨੇ ਹਮੇਸ਼ਾ ਸਾਨੂੰ ਸਿਖਾਈਆਂ ਅਤੇ ਨਾਗਪਾਲ ਜੀ ਨੇ ਉਨ੍ਹਾਂ ਸਿੱਖਿਆਵਾਂ ਨੂੰ ਅਮਲੀ ਰੂਪ ਦਿੱਤਾ ਅਤੇ ਇਸਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾ ਲਿਆ।

ਇੱਕ ਮਹਾਨ ਸੰਤ ਹੋਣ ਦੇ ਨਾਲ, ਉਹ ਇੱਕ ਕੁਸ਼ਲ ਪ੍ਰਬੰਧਕ ਵੀ ਸਨ, ਜਿਨ੍ਹਾਂ ਦੇ ਦਿਲ ਵਿੱਚ ਸਤਿਗੁਰੂ ਪ੍ਰਤੀ ਸ਼ਰਧਾ ਅਤੇ ਸਰਬਸ਼ਕਤੀਮਾਨ ਨਿਰੰਕਾਰ ਤੇ ਪੂਰਾ ਭਰੋਸਾ ਅਤੇ ਵਿਸ਼ਵਾਸ ਸੀ। ਜਿੱਥੇ ਉਹ ਆਪਣੇ ਪ੍ਰਸ਼ਾਸਨੀਕ ਫਰਜ਼ਾਂ ਨੂੰ ਨਿਭਾਉਣ ਵਿੱਚ ਕੁਸ਼ਲ ਸਨ, ਓਥੇ ਉਹ ਇੱਕ ਨਿਮਰ ਅਤੇ ਸ਼ੁੱਧ ਦਿਲ ਸੰਤ ਵੀ ਸਨ। ਇੱਕ ਕੁਸ਼ਲ ਪ੍ਰਬੰਧਕ ਅਤੇ ਉੱਚ ਅਧਿਕਾਰੀ ਹੋਣ ਦੇ ਬਾਵਜੂਦ, ਉਨ੍ਹਾਂ ਦਾ ਅਧਿਆਤਮਕ ਪੱਖ ਅਤੇ ਪਵਿੱਤਰ ਸੁਭਾਅ ਹਮੇਸ਼ਾਂ ਪ੍ਰਬਲ ਰਿਹਾ ਜੋ ਉਨ੍ਹਾਂ ਦੀ ਇਮਾਨਦਾਰੀ ਅਤੇ ਨਿਮਰਤਾ ਦੇ ਰੂਪ ਵਿੱਚ ਸਪਸ਼ਟ ਝਲਕਦਾ ਸੀ।

ਉਨ੍ਹਾਂ ਦੀ ਕਮੀ ਤਾਂ ਖਲੁਗੀ - ਪਰ ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦੇ ਗੁਣ - ਉਨ੍ਹਾਂ ਦੇ ਸ਼ਬਦਾਂ ਅਤੇ 
ਸਧਾਰਨ, ਨਿਮਰ ਅਤੇ ਵਿਹਾਰਕ ਜੀਵਨ ਦੁਆਰਾ ਸਦਾ ਸਾਡੀ ਯਾਦ ਵਿੱਚ ਬਣੇ ਰਹਿਣਗੇ।
                                                  ' ਰਾਜਨ ਸਚਦੇਵ '
                                       (ਪੰਜਾਬੀ ਅਨੁਵਾਦ --- ਵਿਕਾਸ ਨਰੂਲਾ ਜੀ) 


ਮੁਕਤਸਰ 1981

No comments:

Post a Comment

ये दुनिया - Ye Duniya - This world

कहने को तो ये दुनिया अपनों का मेला है पर ध्यान से देखोगे तो हर कोई अकेला है      ~~~~~~~~~~~~~~~~~~ Kehnay ko to ye duniya apnon ka mela hai...