Wednesday, August 4, 2021

ਸ਼ੇਖ ਸਾਦੀ ਦੀ ਇੱਕ ਕਹਾਣੀ ਅਤੇ ਕਵਿਤਾ

                             ਸ਼ੇਖ ਸਾਦੀ ਦੀ ਇੱਕ ਕਹਾਣੀ ਅਤੇ ਕਵਿਤਾ

ਇੱਕ ਪਾਦਸ਼ਾਹ (ਰਾਜਾ) ਸਮੁੰਦਰੀ ਜਹਾਜ਼ ਤੇ ਯਾਤਰਾ ਕਰ ਰਿਹਾ ਸੀ।
ਜਹਾਜ਼ ਵਿੱਚ ਇੱਕ ਗੁਲਾਮ ਵੀ ਸੀ ਜੋ ਪਹਿਲਾਂ ਕਦੇ ਸਮੁੰਦਰ ਵਿੱਚ ਨਹੀਂ ਗਿਆ ਸੀ ਅਤੇ ਉਸਨੂੰ ਜਹਾਜ਼ ਦੇ ਸਫ਼ਰ ਦੀ ਅਸੁਵਿਧਾ ਦਾ ਕੋਈ ਅਨੁਭਵ ਨਹੀਂ ਸੀ।
ਉਹ ਡਰ ਨਾਲ ਕੰਬਣ ਅਤੇ ਉੱਚੀ ਉੱਚੀ ਰੋਣ ਲੱਗ ਪਿਆ ਅਤੇ ਇਸ ਹੱਦ ਤੱਕ ਚੀਕਿਆ ਕਿ ਕੋਈ ਉਸਨੂੰ ਸ਼ਾਂਤ ਨਹੀਂ ਕਰ ਸਕਿਆ।
ਰਾਜਾ ਨੂੰ ਉਸ ਦੇ ਰੋਣ ਅਤੇ ਚੀਖਣ ਤੇ ਬਹੁਤ ਗੁੱਸੇ ਆਇਆ ।

ਉਸ ਜਹਾਜ਼ ਤੇ, ਇੱਕ ਦਾਰਸ਼ਨਿਕ ਵੀ ਸੀ - ਉਸਨੇ ਬਾਦਸ਼ਾਹ ਨੂੰ ਕਿਹਾ:
'ਜੇ ਤੁਸੀਂ ਆਗਿਆ ਦਿਓ ਤਾਂ ਮੈਂ ਉਸਨੂੰ ਸ਼ਾਂਤ ਕਰ ਸਕਦਾ ਹਾਂ '

ਬਾਦਸ਼ਾਹ ਤੋਂ ਸਹਿਮਤੀ ਮਿਲਣ ਤੇ, ਦਾਰਸ਼ਨਿਕ ਨੇ ਹੁਕਮ ਦਿੱਤਾ ਕਿ ਉਸ ਗੁਲਾਮ ਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਵੇ।
ਜਦੋਂ ਉਹ ਡੁੱਬਣ ਲੱਗਿਆ ਅਤੇ ਸਾਹ ਲੈਣ ਲਈ ਤੜਪਣ ਲੱਗਾ, ਤਾਂ ਉਸਨੂੰ ਵਾਲਾਂ ਨਾਲ ਫੜਕੇ ਜਹਾਜ਼ ਦੇ ਡੈਕ ਉਤੇ ਖਿੱਚ ਲਿਆ ਗਿਆ।
ਜਹਾਜ ਦੇ ਉੱਪਰ ਆਕੇ ਉਹ ਇੱਕ ਕੋਨੇ ਵਿੱਚ ਦੋਵੇਂ ਹੱਥਾਂ ਨਾਲ ਜਹਾਜ਼ ਦੇ ਇੱਕ ਖੰਭੇ ਨੂੰ ਫੜ ਕੇ ਉਸ ਨਾਲ ਚਿੰਬੜ ਕੇ ਬੈਠ ਗਿਆ ਅਤੇ ਚੁੱਪ ਹੋ ਗਿਆ।

ਇਹ ਸਭ ਵੇਖ ਕੇ ਰਾਜੇ ਨੂੰ ਬਹੁਤ ਅਜੀਬ ਲੱਗਿਆ।
ਉਸਨੇ ਗੁਲਾਮ ਨੂੰ ਪਾਣੀ ਵਿੱਚ ਸੁੱਟਣ ਅਤੇ ਫਿਰ ਉਸਨੂੰ ਬਾਹਰ ਕੱਢਣ ਦਾ ਕਾਰਨ ਜਾਣਨਾ ਚਾਹਿਆ ਤਾਂ ਬਜ਼ੁਰਗ ਦਾਰਸ਼ਨਿਕ ਨੇ ਕਿਹਾ ਕਿ ਉਸਨੂੰ ਡੁੱਬਣ ਦੇ ਖਤਰੇ ਦੇ ਅਨੁਭਵ ਤੋਂ ਪਹਿਲਾਂ ਕਿਸ਼ਤੀ ਦੀ ਸੁਰੱਖਿਆ ਦਾ ਕੋਈ ਗਿਆਨ ਨਹੀਂ ਸੀ। 
ਜਿਵੇਂ ਹੀ ਉਸਨੇ ਪਾਣੀ ਵਿੱਚ ਡੁੱਬਣ ਦਾ ਅਨੁਭਵ ਕੀਤਾ, ਉਸਨੂੰ ਅਹਿਸਾਸ ਹੋਇਆ ਕਿ ਜਹਾਜ਼ ਵਿੱਚ ਬੈਠਣਾ ਕਿੰਨਾ ਸੁਰੱਖਿਅਤ ਹੈ।

ਇਸੇ ਤਰ੍ਹਾਂ, ਜਦੋਂ ਤੱਕ ਇਨਸਾਨ ਨੂੰ ਦੁੱਖ ਦਾ ਅਨੁਭਵ ਨਹੀਂ ਹੁੰਦਾ, ਖੁਸ਼ੀ ਦਾ ਕੋਈ ਮੁੱਲ ਨਹੀਂ ਹੁੰਦਾ।
ਕਿਸੇ ਵੀ ਵਸਤੂ ਦੀ ਕੀਮਤ ਉਸ ਦੇ ਗੁਆਚ ਜਾਣ ਤੋਂ ਬਾਅਦ ਹੀ ਪਤਾ ਲੱਗਦੀ ਹੈ।

       ਹੇ ਵੱਡੇ ਆਦਮੀ, ਤੁਹਾਨੂੰ ਜੌਂ ਦੀ ਰੋਟੀ ਪਸੰਦ ਨਹੀਂ ਹੈ
ਮੇਰੇ ਲਈ ਜੋ ਸੁੰਦਰ ਹੈ - ਉਹ ਤੁਹਾਡੀ ਨਿਗਾਹ ਵਿਚ ਬਦਸੂਰਤ ਹੈ
ਉਹ  -ਜਿਸਦਾ ਪ੍ਰੇਮੀ ਉਸਦੀ ਬਾਂਵਾਂ ਵਿੱਚ ਹੈ -
ਅਤੇ ਉਹ - ਜਿਸ ਦੀਆਂ ਨਜ਼ਰਾਂ ਦਰਵਾਜ਼ੇ ਤੇ ਉਸ ਦੀ ਉਡੀਕ ਕਰ ਰਹੀਆਂ ਹਨ -
ਦੋਵਾਂ ਵਿਚ ਬਹੁਤ ਭਾਰੀ ਅੰਤਰ ਹੈ 


                                "ਸ਼ੇਖ ਸਾਦੀ" (ਫ਼ਾਰਸੀ ਸੂਫ਼ੀ - 1210 ਤੋਂ 1291)

1 comment:

Itnay Betaab kyon hain - Why so much restlessness?

 Itnay betaab - itnay beqaraar kyon hain  Log z aroorat say zyaada hoshyaar  kyon hain  Moonh pay to sabhi dost hain lekin Peeth peechhay d...