ਸ਼ੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥
' ਸ਼ੇਖ ਫਰੀਦ '
~~~~~~~~
ਹੇ ਸ਼ੇਖ, ਇਸ ਦੁਨੀਆਂ ਵਿੱਚ ਕੋਈ ਵੀ ਹਮੇਸ਼ਾ ਲਈ ਨਹੀਂ ਰਹਿੰਦਾ।
ਜਿਸ ਆਸਨ, ਜਿਸ ਤਖਤ ਜਾਂ ਸੀਟ ਤੇ ਅੱਜ ਅਸੀਂ ਬੈਠੇ ਹਾਂ, ਉਸ ਤੇ ਪਹਿਲਾਂ ਵੀ ਬਹੁਤ ਸਾਰੇ ਲੋਕ ਬਹਿ ਕੇ ਜਾ ਚੁੱਕੇ ਹਨ।
~~~~~~~~~~~~~~~~~~~
ਅਰਥਾਤ:
ਇਸ ਦੁਨੀਆਂ ਵਿੱਚ ਕੁਝ ਵੀ ਸਥਾਈ ਨਹੀਂ ਹੈ - ਨਾ ਦੌਲਤ, ਨਾ ਸ਼ਕਤੀ, ਨਾ ਕੋਈ ਉੱਚਾ ਪ੍ਰਤਿਸ਼ਠਿਤ ਪਦ ਜਾਂ ਵੱਕਾਰੀ ਅਹੁਦਾ।
ਜਿਸ ਤਖਤ, ਆਸਨ ਜਾਂ ਕੁਰਸੀ ਤੇ ਅੱਜ ਕੋਈ ਵਿਅਕਤੀ ਬੈਠਾ ਹੈ, ਉਸ ਤੇ ਪਹਿਲਾਂ ਵੀ ਬਹੁਤ ਸਾਰੇ ਲੋਕ ਕਾਬਜ਼ ਰਹਿ ਚੁੱਕੇ ਹਨ -
ਬਹੁਤ ਸਾਰੇ ਲੋਕ ਪਹਿਲਾਂ ਵੀ ਉਸ ਅਹੁਦੇ ਤੇ ਰਹਿ ਕੇ ਇੱਜਤ, ਮਾਨ ਪਾ ਚੁੱਕੇ ਹਨ।
ਉਹ ਸਾਰੇ ਇਸ ਦੁਨੀਆਂ ਤੋਂ ਚਲੇ ਗਏ, ਕਿਉਂਕਿ ਕਿਸੇ ਦੀ ਵੀ ਜ਼ਿੰਦਗੀ ਸਥਾਈ ਨਹੀਂ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਕੋਈ ਵਿਅਕਤੀ ਕਿਸੇ ਉੱਚੇ ਅਹੁਦੇ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਅਜਿੱਤ, ਅਟੱਲ ਅਤੇ ਸਰਬਸ਼ਕਤੀਮਾਨ ਸਮਝਣ ਲੱਗ ਪੈਂਦਾ ਹੈ।
ਉਹ ਸੋਚਣ ਲਗ ਜਾਂਦਾ ਹੈ ਕਿ ਹੁਣ ਉਹ ਅਜਿੱਤ ਹੈ - ਹੁਣ ਕੋਈ ਉਸਨੂੰ ਹਰਾ ਨਹੀਂ ਸਕਦਾ।
ਉਹ ਸਾਰੀ ਦੁਨੀਆਂ ਨੂੰ ਆਪਣੇ ਕਾਬੂ ਵਿਚ ਕਰ ਸਕਦਾ ਹੈ ਅਤੇ ਜੋ ਚਾਹੇ ਕਰ ਸਕਦਾ ਹੈ।
ਇਸ ਦੋਹੇ ਵਿਚ ਸ਼ੇਖ ਫਰੀਦ ਸਾਨੂੰ ਜ਼ਿੰਦਗੀ ਦੀ ਨਾਸ਼ਵਾਨਤਾ ਦੀ ਯਾਦ ਦਿਵਾਉਂਦੇ ਹਨ।
ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਭਾਵੇਂ ਕਿਸੇ ਵੀ ਗੱਦੀ, ਅਹੁਦੇ ਜਾਂ ਰੁਤਬੇ ਤੇ ਹੋਈਏ, ਇੱਕ ਦਿਨ ਸਾਨੂੰ ਵੀ ਇਸ ਦੁਨੀਆਂ ਨੂੰ ਛੱਡਣਾ ਹੀ ਪਵੇਗਾ।
ਦੌਲਤ, ਅਹੁਦਾ, ਵੱਕਾਰ, ਆਦਿ ਸਭ ਇੱਥੇ ਹੀ ਰਹਿ ਜਾਣਗੇ - ਕੋਈ ਵੀ ਬਚਾ ਨਹੀਂ ਸਕੇਗਾ, ਅਤੇ ਇੱਕ ਦਿਨ ਅਸੀਂ ਵੀ ਇਸ ਦੁਨੀਆਂ ਵਿਚੋਂ ਖਾਲੀ ਹੱਥ ਹੀ ਚਲੇ ਜਾਵਾਂਗੇ।
ਇਸ ਲਈ, ਮਨੁੱਖ ਨੂੰ ਹੰਕਾਰ ਨਾਲ ਨਹੀਂ - ਸਗੋਂ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ।
ਹਰ ਵੇਲੇ ਦੂਜਿਆਂ ਨੂੰ ਪਰਖਣ ਅਤੇ ਆਲੋਚਨਾ ਕਰਨ ਦੀ ਬਜਾਏ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਇੱਕ ਵਿਸ਼ਾਲ ਅਤੇ ਹਮਦਰਦ ਦਿਲ ਨਾਲ ਸਮਝਣ ਦਾ ਯਤਨ ਕਰਦੇ ਹੋਏ ਨਿਮਰਤਾ ਵਿਚ ਰਹਿ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
" ਰਾਜਨ ਸਚਦੇਵ "
No comments:
Post a Comment