Monday, October 2, 2023

ਜ਼ਿੰਦਗੀ ਦੇ ਦਿਨ ਹੁੰਦੇ ਚਾਰ ਸੱਜਣਾ

ਜ਼ਿੰਦਗੀ ਦੇ ਦਿਨ ਹੁੰਦੇ ਚਾਰ ਸੱਜਣਾ  
ਕਾਹਨੂੰ ਐਵੇਂ ਕਰੇਂ ਤਕਰਾਰ ਸੱਜਣਾ 

ਸਾਰਾ ਦਿਨ ਮੇਰੀ ਮੇਰੀ ਕਰਦਾ ਫਿਰੇਂ 
ਝੂਠਾ ਐਵੈਂ ਕਰੇ ਹੰਕਾਰ ਸੱਜਣਾ 

ਸਬ ਕੁਝ ਛੱਡ ਏਥੇ ਤੁਰ ਜਾਵਣਾ
ਜੀਹਦੇ ਲਈਂ ਕਰੇਂ ਮਾਰੋ ਮਾਰ ਸੱਜਣਾ 

ਜਿਨਾ ਲਈ ਕਰੇਂ ਦਿਨ ਰਾਤ ਠਗੀਆਂ 
ਕਿਸੇ ਨਹੀਓਂ ਲੈਣੀ ਤੇਰੀ ਸਾਰ ਸੱਜਣਾ 

ਜਾਂਦੀ ਵਾਰੀ ਕਿਸੇ ਨਹੀਓਂ ਨਾਲ ਚੱਲਣਾ 
ਕਿਸੇ ਨਹੀਓਂ ਹੋਣਾ ਤੇਰਾ ਯਾਰ ਸੱਜਣਾ 

ਵਹਿਮਾਂ ਤੇ ਭੁਲੇਖਿਆਂ 'ਚ ਰੋਲੇਂ ਜ਼ਿੰਦਗੀ 
ਐਵੈਂ ਹੁੰਦਾ ਫਿਰੇ ਤੂੰ ਖੁਆਰ ਸੱਜਣਾ 

ਵੈਰ ਤੇ ਵਿਰੋਧ ਦੀਆਂ ਪੰਡਾਂ ਬੰਨ ਕੇ 
ਐਵੇਂ ਚੁੱਕੀ ਫਿਰੇ ਸਿਰ ਭਾਰ ਸੱਜਣਾ 

ਧਰਮਾਂ ਦੇ ਨਾਂ ਤੇ ਪਾਉਂਦਾ ਫਿਰੇਂ ਵੰਡੀਆਂ 
ਝੂਠਾ ਕਰਨਾ ਐਂ ਪਰਚਾਰ ਸੱਜਣਾ  

ਭੋਲੀ ਭਾਲੀ ਜਨਤਾ ਨੂੰ ਪਾ ਕੇ ਪੁੱਠੇ ਰਾਹ 
ਕਾਹਨੂੰ ਬਣਦਾ ਏਂ ਗੁਨਾਹਗਾਰ ਸੱਜਣਾ 

ਇੱਕੋ ਰੱਬ ਨੇ ਬਣਾਏ ਸਾਰੇ ਇਨਸਾਨ 
ਸਭ ਨੂੰ ਬਣਾਇਆ ਇਕਸਾਰ ਸੱਜਣਾ 

ਇੱਕੋ ਹੈ ਜ਼ਮੀਨ ਇੱਕੋ ਆਸਮਾਨ ਹੈ 
ਸਾਰਿਆਂ ਦਾ ਸਾਂਝਾ ਸੰਸਾਰ ਸੱਜਣਾ 

ਕਿਸੇ ਨਈਂ ਪੜਾਇਆ ਕਿ ਦੋ ਚਾਰ ਰੱਬ ਨੇ 
ਇੱਕੋ ਇਕ ਹੀ ਏ ਕਰਤਾਰ ਸੱਜਣਾ 

ਵੇਦ ਕਹਿਣ ਇਕ ਬਿਨੁ ਦੂਜਾ ਕੋ ਨਹੀਂ *
ਨਾਨਕ ਆਖੇ ਇਕ ਓਅੰਕਾਰ ਸੱਜਣਾ 

ਇੱਕੋ ਰੱਬ ਨੇ ਬਣਾਈ ਸਾਰੀ ਦੁਨੀਆ 
ਇਕ ਦਾ ਹੈ ਸਾਰਾ ਇਹ ਪਸਾਰ ਸੱਜਣਾ 

ਖੰਡਾਂ ਤੇ ਬ੍ਰਿਹਮੰਡਾਂ ਵਿਚ ਨੂਰ ਉਸੇ ਦਾ 
ਮਹਿਮਾ ਹੈ ਉਸ ਦੀ ਅਪਾਰ ਸੱਜਣਾ 

ਛੋਟੇ ਵੱਡੇ ਸਾਰੇ ਰੱਬ ਦੇ ਹੀ ਬੰਦੇ ਨੇ 
ਓਸੇ ਦੇ ਨੇ ਫੁੱਲ ਅਤੇ ਖ਼ਾਰ ਸੱਜਣਾ 

ਜਿਸ ਨੂੰ ਵੀ ਗੱਲ ਇਹ ਸਮਝ ਆ ਗਈ 
ਪੰਡ ਈਰਖਾ ਦੀ ਦਏ ਉਤਾਰ ਸੱਜਣਾ 

ਇੱਕੋ ਜਿਹਾ ਜਾਣ ਕੇ ਹਰ ਇਨਸਾਨ ਨੂੰ 
ਕਰੇ ਸਭ ਨਾਲ ਹੀ ਉਹ ਪਿਆਰ ਸੱਜਣਾ 

ਹਰ ਇਕ ਵਿਚ ਵੇਖੇ ਰੱਬ ਦਾ ਹੀ ਰੂਪ 
ਕਰੇ ਸਭ ਦਾ ਉਹ ਸਤਿਕਾਰ ਸੱਜਣਾ 

ਮਿੱਠ ਬੋਲਣਾ ਤੇ ਨੀਂਵਾਂ ਹੋ ਕੇ ਚੱਲਣਾ 
ਬਣ ਜਾਂਦੈ ਉਸ ਦਾ ਸ਼ਿੰਗਾਰ ਸੱਜਣਾ 

ਕਰਨਾ ਭਲਾ ਤੇ ਨੇਕੀਆਂ ਕਮਾਵਣਾ 
ਏਹੀ ਤਾਂ ਹੈ ਜ਼ਿੰਦਗੀ ਦਾ ਸਾਰ ਸੱਜਣਾ 

ਮੋਹ ਮਾਯਾ ਦਾ ਹੈ ਜੀਹਨੇ ਜਾਲ ਤੋੜਿਆ 
ਓਹੀਓ ਹੁੰਦੈ  ਜਗ ਵਿਚੋਂ ਪਾਰ ਸੱਜਣਾ  

ਗਿਆਨ ਦਾ ਵੀ 'ਰਾਜਨ' ਕਦੇ ਮਾਨ ਨਾ ਕਰੀਂ 
ਅਜੇ ਤਾਂ ਹੈ ਨਾਂਵ ਮੰਝਧਾਰ ਸੱਜਣਾ 
                   " ਰਾਜਨ ਸਚਦੇਵ "

ਨੋਟ : 

* ਏਕਹਿ ਬ੍ਰਹ੍ਮ ਦਵਿਤੀਯ ਨਾਸਤੇ  -  ਨੇਹ ਨਾਇ ਨਾਸਤਿ ਕਿਂਚਨਮ੍
                   (ਬ੍ਰਹਮ ਸੂਤਰ - ਯਜੁਰਵੇਦ)
ਭਾਵ- ਕੇਵਲ ਇੱਕ ਹੀ ਬ੍ਰਹਮ ਜਾਂ ਈਸ਼ਵਰ ਹੈ-ਉਸ ਵਰਗਾ ਹੋਰ ਕੋਈ ਨਹੀਂ  -  ਨਾ ਸੀ, ਨਾ ਹੈ ਅਤੇ ਨਾ ਹੀ ਹੋਵੇਗਾ।

ਦੂਜੇ ਸ਼ਬਦਾਂ ਵਿੱਚ - ਬ੍ਰਹਮ ਜਾਂ ਪਰਮਾਤਮਾ ਕੇਵਲ ਇੱਕ ਹੈ, ਦੋ ਜਾਂ ਚਾਰ ਨਹੀਂ - ਪਰਮਾਤਮਾ ਵਰਗਾ ਜਾਂ ਉਸ ਦੇ ਬਰਾਬਰ ਹੋਰ ਕੋਈ ਨਹੀਂ ਹੈ।

          2
"ਏਕਮ ਸਤਿ ਵਿਪ੍ਰ ਬਹੁਧਾ ਵਦੰਤੀ"
ਰਿਗਵੇਦ, ਪੁਸਤਕ 1, ਅਧਿਆਇ 164, ਸ਼ਲੋਕ 46)
ਯਾਨੀ ਕਿ  ਸੱਚ ਜਾਂ ਰੱਬ ਇੱਕ ਹੀ ਹੈ, ਪਰ ਵਿਦਵਾਨ ਇਸ ਨੂੰ ਕਈ ਤਰੀਕਿਆਂ ਨਾਲ ਅਰਥਾਤ ਵੱਖ-ਵੱਖ ਨਾਵਾਂ ਅਤੇ ਰੂਪਾਂ ਰਾਹੀਂ ਸਮਝਾਉਂਦੇ ਹਨ।

4 comments:

  1. Wah ji very nice 👍👍

    ReplyDelete
  2. Dhan Nirankar Sant ji
    True ji 🙏🏻🙏🏻

    ReplyDelete
  3. ਬਹੁਤ ਅੱਛੀ ਕਵਤਾ ਰਾਜਨ ਜੀ

    ReplyDelete
  4. ਵਹ ਜੀ ਵਹ ਜੀ ਬਹੁਤ ਅਛੀ ਕਵਤਾ ਹੈ🌹🌹

    ReplyDelete

Life is simple, joyous, and peaceful

       Life is simple.  But our ego, constant comparison, and competition with others make it complicated and unnecessarily complex.        ...